|
ਕਣਕ ਦੀ ਕਾਲਾਬਾਜ਼ਾਰੀ ਦਾ ਮਾਮਲਾ ਬੇਨਕਾਬ
Date: Apr 15, 2011
ਤਪਾ ਮੰਡੀ, 156 ਅਪਰੈਲ (ਪੱਤਰ ਪ੍ਰੇਰਕ)- ਸਰਕਾਰ ਦੇ ਅਨਾਜ ਭੰਡਾਰਣ ਵਾਲੇ ਵਿਭਾਗਾਂ ਦੇ ਕੁਝ ਅਧਿਕਾਰੀ ਮੋਟੇ ਘਪਲਿਆਂ ਨਾਲ ਮੋਟੀ ਕਮਾਈ ਕਰ ਰਹੇ ਹਨ। ਅੱਜ ਸਵੇਰੇ ਕਣਕ ਦੀ ਢੁਆਈ ਲਈ ਰੇਲਵੇ ਸਟੇਸ਼ਨ ‘ਤੇ ਲੱਗੀ ਸਪੈਸ਼ਲ ਮਾਲ ਗੱਡੀ ‘ਚ ਸਥਾਨਕ ਪੰਜਾਬ ਐਗਰੋ ਵੱਲੋਂ ਕਣਕ ਦੀਆਂ ਬੋਰੀਆਂ ਤੇ ਪਾਣੀ ਪਾ ਕੇ ਵਜ਼ਨ ਵਧਾਉਣ ਤੇ ਇਸ ਬਦਲੇ ਬਚਾਈ ਕਣਕ ਦੀ ਕਾਲਾਬਾਜ਼ਾਰੀ ਕਰਨ ਦਾ ਘਪਲਾ ਸਾਹਮਣੇ ਆਇਆ ਹੈ। ਜਦੋਂ ਇਹ ਮਾਮਲਾ ਪੰਜਾਬ ਐਗਰੋ ਦੇ ਚੇਅਰਮੈਨ ਰਣਧੀਰ ਸਿੰਘ ਰੱਖੜਾ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਤਪਾ ਡਿਪੂ ਦੇ ਦੌਰੇ ਲਈ ਰਵਾਨਾ ਹੋ ਗਏ। ਇੱਥੇ ਪੁੱਜ ਕੇ ਉਨ੍ਹਾਂ ਹੁਕਮ ਜਾਰੀ ਕਰਦਿਆਂ ਪੰਜਾਬ ਐਗਰੋ ਫੂਡ ਗ੍ਰੇਨ ਤਪਾ ਵਿਖੇ ਤਾਇਨਾਤ ਸਾਰੇ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਭਿੱਜੀ ਕਣਕ ਦੀਆਂ ਬੋਰੀਆਂ ਦੇ ਭਰੇ ਟਰੱਕ ਦੀ ਸੂਚਨਾ ਆੜ੍ਹਤੀਆਂ ਤੇ ਮੰਡੀ ਵਾਸੀਆਂ ਨੂੰ ਮਿਲੀ ਤਾਂ ਉਨ੍ਹਾਂ ਟਰੱਕ ਘੇਰ ਕੇ ਇਸ ਨੰੂ ਚੈੱਕ ਕੀਤਾ। ਕਣਕ ਦੇ ਗੱਟਿਆਂ ‘ਤੇ ਪਾਣੀ ਪਾ ਕੇ ਭਾਰ ਵਧਾਇਆ ਹੋਇਆ ਸੀ ਤੇ ਬਾਹਰ ਭੇਜੀ ਜਾਣ ਵਾਲੀ ਇਹ ਕਣਕ ਵੀ ਗੈਰ-ਮਿਆਰੀ ਸੀ। ਜਦੋਂ ਇਸ ਦੀ ਘੋਖ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਭਰੀ ਜਾ ਰਹੀ ਇਸ ਸਪੈਸ਼ਲ ਮਾਲ ਗੱਡੀ ਵਿੱਚ ਕਣਕ ਬਿਲਕੁਲ ਹੀ ਨਾ ਖਾਣਯੋਗ ਤੇ ਸੜੀ ਹੋਈ ਸੀ।
ਬਰਨਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਪੰਜਾਬ ਐਗਰੋ ਤਪਾ ਦੇ ਡਿਪੂ ਵਿੱਚ ਪੱਤਰਕਾਰਾਂ ਨੇ ਜਾ ਕੇ ਵੇਖਿਆ ਕਿ ਗੁਦਾਮਾਂ ਵਿੱਚ ਪਈ ਕਣਕ ਦੇ ਚੱਕਿਆਂ ‘ਤੇ ਪਾਈਪ ਰਾਹੀਂ ਪਾਣੀ ਦਾ ਛਿੜਕਾਅ ਕੀਤਾ ਹੋਇਆ ਸੀ ਜੋ ਟਰੱਕਾਂ ਵਿੱਚ ਲੋਡ ਕੀਤੀ ਜਾ ਰਹੀ ਸੀ। ਜਦ ਇਹ ਘਪਲਾ ਜੱਗ ਜ਼ਾਹਿਰ ਹੋਇਆ ਤਾਂ ਕਣਕ ਨੂੰ ਲੋਡ ਕਰਕੇ ਭੇਜਣ ਵਾਲੇ ਵਿਭਾਗ ਦੇ ਇੰਸਪੈਕਟਰ ਸਮੇਤ ਹੋਰ ਜ਼ਿੰਮੇਵਾਰ ਅਧਿਕਾਰੀ ਤੇ ਕਰਮਚਾਰੀ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਇਸ ਘਪਲੇ ਦੀ ਸੂਚਨਾ ਪੁਲੀਸ ਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਗਈ। ਐਫ.ਸੀ.ਆਈ. ਦੇ ਅਧਿਕਾਰੀਆਂ ਜਿਨ੍ਹਾਂ ਦੀ ਨਿਗਰਾਨੀ ਹੇਠ ਕਣਕ ਲੋਡ ਹੋ ਰਹੀ ਸੀ, ਦੇ ਧਿਆਨ ਵਿੱਚ ਇਹ ਮਾਮਲਾ ਆਉਣ ‘ਤੇ ਉਹ ਵੀ ਹੱਕੇ-ਬੱਕੇ ਰਹਿ ਗਏ। ਐਫ.ਸੀ.ਆਈ. ਦੇ ਸਹਾਇਕ ਮੈਨੇਜਰ (ਮਿਆਰ) ਕੇ.ਐਲ. ਸੇਠੀ ਨੇ ਪੁਲੀਸ ਕੋਲ ਇਸ ਘਪਲੇ ਦੀ ਸ਼ਿਕਾਇਤ ਕੀਤੀ ਕਿ ਪੰਜਾਬ ਐਗਰੋ ਵੱਲੋਂ ਜਿਸ ਸਟੈਗ ‘ਚੋਂ ਕਣਕ ਭਰੀ ਜਾ ਰਹੀ ਸੀ, ਉਹ ਐਫ.ਸੀ.ਆਈ. ਵੱਲੋਂ ਪ੍ਰਵਾਨ ਹੀ ਨਹੀਂ ਸੀ ਕੀਤਾ ਗਿਆ। ਇਸ ਨਾਮਨਜ਼ੂਰ ਸਟੈਗ ਵਿੱਚੋਂ ਗਲਤ ਤਰੀਕੇ ਨਾਲ ਕਣਕ ਲੱਦੀ ਜਾ ਰਹੀ ਸੀ। ਉਕਤ ਭਿੱਜੇ ਹੋਏ ਤਿੰਨ ਚੱਕਿਆਂ ਵਿੱਚ 9 ਹਜ਼ਾਰ ਦੇ ਕਰੀਬ ਕਣਕ ਦਾ ਗੱਟਾ ਸੀ। ਇਸ ਤਰ੍ਹਾਂ ਪੰਜਾਬ ਐਗਰੋ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਧੋਖਾਧੜੀ ਦਾ ਕੇਸ ਬਣਦਾ ਹੈ ਜੋ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।
ਪੁਲੀਸ ਨੇ ਇੱਕ ਅਧਿਕਾਰੀ ਤੇ ਭਿੱਜੀਆਂ ਹੋਈਆਂ ਕਣਕ ਦੀਆਂ 200 ਦੇ ਕਰੀਬ ਬੋਰੀਆਂ ਦੇ ਭਰੇ ਟਰੱਕਾਂ ਨੂੰ ਜਾਂਚ ਹਿੱਤ ਕਬਜ਼ੇ ਵਿਚ ਲੈ ਲਿਆ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਨਗੇ ਤੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੌਕੇ ‘ਤੇ ਹਾਜ਼ਰ ਮੰਡੀ ਵਾਸੀਆਂ ਤੇ ਆੜ੍ਹਤੀਆਂ ਨੇ ਦੱਸਿਆ ਕਿ ਕਣਕ ਦੀ ਖਰੀਦ ਤੇ ਮਾਲ ਗੱਡੀਆਂ ਵਿੱਚ ਲਦਾਈ ਸਮੇਂ ਇੰਸਪੈਕਟਰ ਵੱਡੀ ਪੱਧਰ ‘ਤੇ ਹੇਰਾਫੇਰੀ ਕਰਦੇ ਹਨ ਤੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਾ ਜਾਂਦੇ ਹਨ।
ਇਸ ਹੇਰਾਫੇਰੀ ਵਿਚ ਇਕੱਲੀ ਸਰਕਾਰੀ ਖਰੀਦ ਏਜੰਸੀ ਹੀ ਨਹੀਂ ਸਗੋਂ ਕਈ ਧਿਰਾਂ ਭਾਈਵਾਲ ਹੰੁਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸਪੈਸ਼ਲ ਮਾਲ ਗੱਡੀ ਵਿੱਚ ਭਰੀ ਗਈ ਤੇ ਡਿਪੂ ਦੇ ਗੁਦਾਮਾਂ ਵਿੱਚ ਪਈ ਕਣਕ ਨੂੰ ਸੀਲ ਕਰ ਕੇ ਉਸ ਦੇ ਨਮੂਨੇ ਭਰੇ ਜਾਣ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਕਥਿਤ ਦੋਸ਼ੀਆਂ ਨੂੰ ਸਖ਼ਤ ਸਜਾ ਦਿੱਤੀ ਜਾਵੇ। ਡੀ.ਐਸ.ਪੀ. ਤਪਾ ਮੁਖਤਿਆਰ ਸਿੰਘ ਨੇ ਭਰੋਸਾ ਦਿਵਾਇਆ ਕਿ ਸਾਰੇ ਤੱਥ ਉਨ੍ਹਾਂ ਦੇ ਧਿਆਨ ਵਿੱਚ ਆ ਗਏ ਹਨ ਤੇ ਇਸ ਮਾਮਲੇ ਨਾਲ ਦਸਤਾਵੇਜ਼ ਵੀ ਬਰਾਮਦ ਕਰ ਲਏ ਹਨ।
ਪੰਜਾਬ-ਐਗਰੋ
|
|