|
ਮਨੀਚੇਂਜਰ ਤੋਂ ਹੋਈ 50 ਲੱਖ ਦੀ ਲੁੱਟ ਦਾ ਮਾਮਲਾ ਸੁਲਝਿਆ
Date: Jan 28, 2012
ਫਗਵਾੜਾ, 28 ਜਨਵਰੀ (ਹਰੀਪਾਲ ਸਿੰਘ)-ਫਗਵਾੜਾ ਸਿਟੀ ਪੁਲਿਸ ਨੇ ਕਰੀਬ 2 ਮਹੀਨੇ ਪਹਿਲਾਂ ਸਥਾਨਕ ਬੰਗਾ ਰੋਡ 'ਤੇ ਹੋਈ 50 ਲੱਖ ਦੀ ਲੁੱਟ ਦੇ ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਫਗਵਾੜਾ ਪੁਲਿਸ ਨੇ 6 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਕ ਮੈਂਬਰ ਨੂੰ ਗ੍ਰਿਫ਼ਤਾਰ ਕਰਕੇ ਲੁੱਟ ਵਿੱਚ ਸਾਢੇ 12 ਲੱਖ ਰੁਪਏ ਬਰਾਮਦ ਕਰ ਲਏ ਹਨ। ਲੁੱਟ ਦੀ ਸਕੀਮ ਵਿੱਚ ਸਹਿਯੋਗ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐਸ.ਐਚ.ਓ ਸਰਵਨ ਸਿੰਘ ਬੱਲ ਨੇ ਦੱਸਿਆ ਕਿ 18 ਜਨਵਰੀ ਨੂੰ ਇਕ ਦੋਸ਼ੀ ਜੈਪਾਲ ਉਰਫ ਸੋਨੀ ਪੁੱਤਰ ਅਸ਼ਵਨੀ ਕੁਮਾਰ ਵਾਸੀ ਖਲਵਾੜਾ ਗੇਟ ਫਗਵਾੜਾ ਨੇ ਸਥਾਨਕ ਅਦਾਲਤ ਵਿੱਚ ਆਤਮ ਸਮਰਪਨ ਕਰ ਦਿੱਤਾ,ਜਿੱਥੋਂ ਉਸਨੂੰ ਪੁਲਿਸ ਰਿਮਾਂਡ 'ਤੇ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਜੈਪਾਲ ਵੱਲੋਂ ਕੀਤੇ ਗਏ ਖ਼ੁਲਾਸੇ ਮੁਤਾਬਿਕ ਉਸਨੇ ਅਤੇ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਜਸਵੰਤ ਸਿੰਘ ਵਾਸੀ ਕਿਰਪਾ ਨਗਰ,ਫਗਵਾੜਾ,ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਮਨਜੀਤ ਸਿੰਘ ਵਾਸੀ ਤੰਬਾਕੂ ਕੁੱਟਾਂ,ਫਗਵਾੜਾ,ਮਨਦੀਪ ਸਿੰਘ ਉਰਫ ਸੰਨੀ ਸਲਹਣ,ਸੰਦੀਪ ਉਰਫ ਦੀਪਾ ਸਲਹਣ ਦੋਵੇਂ ਪੁੱਤਰ ਮਹਿੰਦਰ ਪਾਲ ਵਾਸੀ ਬਾਬਾ ਗਧੀਆ ਅਤੇ ਬੱਬੂ ਮਾਨ ਵਾਸੀ ਮੁਕੰਦਪੁਰ ਨੇ ਮਿਲ ਕਿ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਜੈਪਾਲ ਦੀ ਨਿਸ਼ਾਨਦੇਹੀ 'ਤੇ ਭਾਰਤੀ ਅਤੇ ਵਿਦੇਸ਼ੀ ਕਰੰਸੀ ਸਮੇਤ ਸਾਢੇ 12 ਲੱਖ ਰੁਪਏ ਬਰਾਮਦ ਕਰ ਲਏ। ਇਸੇ ਨਿਸ਼ਾਨਦੇਹੀ 'ਤੇ ਹਰਪਾਲ ਸਿੰਘ ਦੇ ਘਰੋਂ ਵਾਰਦਾਤ ਦੌਰਾਨ ਵਰਤੀ ਗਈ ਫੋਰਡ ਆਈਕੋਨ ਕਾਰ ਵੀ ਬਰਾਮਦ ਕਰ ਲਈ,ਜਦੋਂਕਿ ਜਸਪ੍ਰੀਤ,ਮਨਦੀਪ,ਸੰਦੀਪ,ਹਰਪਾਲ ਸਿੰਘ ਆਦਿ ਦੀ ਗ੍ਰਿਫ਼ਤਾਰੀ ਬਾਕੀ ਹੈ। ਦੋਸ਼ੀਆਂ ਦੀ ਮਦਦ ਕਰਨ ਦੇ ਦੋਸ਼ ਵਿੱਚ ਜੈਦੇਵ,ਦਵਿੰਦਰਪਾਲ ਅਤੇ ਜਸਵੰਤ ਸਿੰਘ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਦੇ ਅਨੁਸਾਰ ਵਾਰਦਾਤ ਵਿੱਚ ਸ਼ਾਮਲ ਜਸਪ੍ਰੀਤ ਸਿੰਘ ਪਹਿਲਾਂ ਮਨੀਚੇਂਜ਼ਰ ਅਸ਼ੋਕ ਕੁਮਾਰ ਦੇ ਪਾਸ ਕੰਮ ਕਰ ਚੁੱਕਾ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸਲਹਣ ਕਾਂਗਰਸੀ ਉਮੀਦਵਾਰ ਦਾ ਸਮਰਥਕ ਦੱਸਿਆ ਜਾ ਰਿਹਾ ਹੈ।
|
|