ਨਵੀ ਕਰੰਸੀ ਵਿੱਚ ਕਾਲਾ ਧਨ ਬਰਕਰਾਰ

Gurjeet Singh

3

December

2016

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਘੋਸ਼ਿਤ ਨੋਟ ਬੰਦੀ ਦੇ ਫੈਸਲੇ ਨੇ ਸਾਰੇ ਦੇਸ਼ ਵਿੱਚ ਹਲਚਲ ਲਿਆ ਦਿੱਤੀ ਹੈ। ਆਮ ਆਦਮੀ ਜਿੱਥੇ ਆਪਣੀ ਮਿਹਨਤ ਦੀ ਕਮਾਈ ਦੇ ਨੋਟ ਬਦਲਣ ਅਤੇ ਜਮ੍ਹਾਂ ਕਰਵਾਉਣ ਲਈ ਬੈਕਾਂ ਦੀ ਲਾਇਨਾਂ ਵਿੱਚ ਲਗਿਆ ਹੋਇਆ ਹੈ ਉਥੇ ਹੀ ਕਾਲੇ ਧੰਨ ਵਾਲੇ ਆਪਣਾ ਕਾਲਾ ਧੰਨ ਚਿੱਟਾ ਕਰਨ ਦੇ ਨਵੇਂ ਨਵੇਂ ਰਾਹ ਲੱਭ ਕੇ ਆਪਣਾ ਕਾਲਾ ਧੰਨ ਸਫੈਦ ਕਰ ਰਹੇ ਹਨ। ਨੋਟਬੰਦੀ ਦੀ ਰਾਤ ਹੀ ਦੇਸ਼ ਵਿੱਚ ਟਨਾਂ ਦੇ ਹਿਸਾਬ ਨਾਲ ਸੋਨਾ ਵਿਕਿਆ। ਜਵੈਲਰਾਂ ਦੀਆਂ ਬੰਦ ਹੋ ਚੁੱਕੀਆਂ ਦੁਕਾਨਾਂ ਖੁਲਵਾ ਕੇ ਲੋਕਾਂ ਨੇ ਦੋ ਨੰਬਰ ਦੇ 500-1000 ਦੇ ਨੋਟ ਸੋਨੇ ਵਿੱਚ ਖਪਾ ਦਿੱਤੇ ਤੇ ਜਵੈਲਰਾਂ ਨੇ ਵੀ ਇਸ ਸਥਿਤੀ ਦਾ ਫਾਇਦਾ ਚੁੱਕਦੇ ਹੋਏ ਸੋਨੇ ਦੇ ਦੁੱਗਣੇ ਰੇਟ ਵਧਾ ਦਿੱਤੇ। ਪਰ ਇਸ ਸਭ ਵਿੱਚ ਆਮ ਜਨਤਾ ਦੇ ਮਨਾਂ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਆਖਰ ਜਵੈਲਰਾਂ ਨੇ ਇੰਨੇ 500-1000 ਦੇ ਨੋਟ ਕਿਵੇਂ ਬਦਲੇ ਜਾਂ ਆਪਣੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ? ਪਰ ਕਹਿੰਦੇ ਹਨ ਕਿ ਕਾਨੂੰਨ ਇੱਕ ਬਣਦਾ ਹੈ ਤੇ ਉਸਨੂੰ ਤੋੜਨ ਦੇ ਤਰੀਕੇ 100 ਬਣ ਜਾਂਦੇ ਹਨ। ਜਵੈਲਰਾਂ ਵਲੋਂ ਵੀ ਆਪਣਾ ਇਹ ਇਕੱਠਾ ਕੀਤਾ ਧੰਨ ਟਿਕਾਣੇ ਲਾਉਣ ਲਈ ਆਪਣੇ ਮੁਲਾਜ਼ਮਾਂ ਨੂੰ ਕੰਮ ਲਾ ਦਿੱਤਾ ਗਿਆ। ਬੈਗਾਂ ਦੇ ਬੈਗ ਨੋਟਾਂ ਦੇ ਭਰ ਕੇ ਜਵੈਲਰਾਂ ਦੇ ਮੁਲਾਜਮਾਂ ਵਲੋਂ ਦੂਜੀਆਂ ਸਟੇਟਾਂ ਵਿੱਚ ਖਪਾਏ ਜਾਣ ਦੀ ਚਰਚਾ ਆਮ ਹੈ। ਪਰ ਇਹਨਾਂ ਖਿਲਾਫ ਪੁਲਿਸ ਪ੍ਰਸ਼ਾਸਨ ਅਤੇ ਇਨਕਮ ਟੈਕਸ ਵਿਭਾਗ ਵਲੋਂ ਸਾਂਝੇ ਤੌਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਨਹੀਂ ਤਾਂ ਰਾਤੋਂ ਰਾਤ ਗੱਡੀਆਂ ਵਿੱਚ ਜਾਂਦਾ ਪਤਾ ਨਹੀਂ ਕਿੰਨਾ ਹੀ ਅਰਬਾਂ ਰੁਪਏ ਦਾ ਕਾਲਾ ਧੰਨ ਫੜਿਆ ਜਾਂਦਾ। ਜਵੈਲਰਾਂ ਦੀ ਤਰ੍ਹਾਂ• ਹੀ ਆੜਤੀਆਂ ਨੇ ਵੀ ਆਪਣੇ ਕਾਲੇ ਧੰਨ ਨੂੰ ਸਿਰੇ ਲਾਉਣ ਲਈ ਕਿਸਾਨਾਂ ਦੀ ਆੜ ਲਈ। ਜਿੱਥੇ ਉਹਨਾਂ ਵਲੋਂ ਕਈ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾਏ ਗਏ ਉਥੇ ਹੀ ਜੇ ਫਾਰਮ ਦਾ ਵੀ ਸਹਾਰਾ ਲਿਆ ਗਿਆ। ਕਿਸਾਨ ਨੂੰ ਕੇਂਦਰ ਸਰਕਾਰ ਵੱਲੋਂ ਇਨਕਮ ਟੈਕਸ ਦੀ ਛੋਟ ਹੈ ਪਰ ਇਸ ਛੋਟ ਦਾ ਫਾਇਦਾ ਕੁੱਝ ਭ੍ਰਿਸ਼ਟ ਅਧਿਕਾਰੀ ਅਤੇ ਕੁੱਝ ਆੜਤੀਆਂ ਵੱਲੋਂ ਲਿਆ ਜਾ ਰਿਹਾ ਹੈ। ਜੇ ਫਾਰਮ ਜੋ ਕਿ ਸਰਕਾਰ ਵਲੋਂ ਕਿਸਾਨਾਂ ਦੀ ਸਹੂਲਤ ਲਈ ਤੈਅ ਕੀਤਾ ਗਿਆ ਹੈ ਉਸ ਦੀ ਗਲਤ ਵਰਤੋਂ ਕੁੱਝ ਆੜਤੀਆਂ ਅਤੇ ਕਾਲੇ ਧੰਨ ਦੇ ਮਾਲਕਾਂ ਵਲੋਂ ਰੱਲ ਕੇ ਕੀਤੀ ਜਾ ਰਹੀ ਹੈ। ਇਹ ਜੇ ਫਾਰਮ ਬਲੈਕਮਨੀ ਵਾਲਿਆਂ ਨੂੰ ਦੇ ਦਿੱਤਾ ਜਾਂਦਾ ਹੈ ਅਤੇ ਬਲੈਕਮਨੀ ਵਾਲਿਆ ਤੋਂ ਇੱਕ ਲੱਖ ਮਗਰ 20 ਹਜਾਰ ਰੁਪਏ ਲਿਆ ਜਾ ਰਿਹਾ ਹੈ। ਇਸ ਤਰ੍ਹਾਂ ਬੈਲਕਮਨੀ ਨੂੰੰ ਸਫੇਦ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਹੀ ਕਰੋੜਾਂ ਰੁਪਏ ਦੀ ਬਲੈਕਮਨੀ ਨੂੰ ਸਫੇਦ ਕਰਨ ਲਈ ਜੇ ਫਾਰਮ ਦਾ ਸਹਾਰਾ ਲਿਆ ਗਿਆ। ਵੈਸੇ ਤਾਂ ਜੇ ਫਾਰਮ ਸਿਰਫ ਕਿਸਾਨਾਂ ਨੂੰ ਹੀ ਮਿਲ ਸਕਦਾ ਹੈ ਪਰ ਪੁਰਾਣੀ ਤਾਰੀਖ ਵਿੱਚ ਜਾਲੀ ਜਮੀਨ ਦਾ ਠੇਕਾ ਦਿਖਾ ਕੇ ਇਹ ਸਾਰਾ ਜੇ ਫਾਰਮ ਦਾ ਖੇਡ ਖੇਡਿਆ ਜਾ ਰਿਹਾ ਹੈ ਅਤੇ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਇੱਥੇ ਸਵਾਲ ਫਿਰ ਉਹੀ ਪੈਦਾ ਹੁੰਦਾ ਹੈ ਕਿ 80-20 ਦੀ ਰੇਸ਼ੋ ਨਾਲ ਖਪਾਏ ਜਾ ਰਹੇ ਇਸ ਕਾਲੇ ਧੰਨ 'ਤੇ 500-1000 ਦੇ ਨੋਟਾਂ ਨੂੰ ਆਖਰ ਇਸ ਵੱਡੀ ਗਿਣਤੀ ਵਿੱਚ ਬੈਕਾਂ ਵਿੱਚ ਜਮ੍ਹਾਂ ਕਿਵੇਂ ਕਰਵਾਇਆ ਜਾ ਰਿਹਾ ਹੈ ਜਦ ਕਿ ਆਮ ਆਦਮੀ ਨੂੰ ਤਾਂ ਆਪਣੇ ਕੁੱਝ ਹਜਾਰਾਂ ਪਿੱਛੇ ਹੀ ਬੈਂਕਾਂ ਦੀਆਂ ਲਾਈਨਾਂ ਵਿੱਚ ਕਈ ਕਈ ਦਿਨ ਧੱਕੇ ਖਾਣੇ ਪੈ ਰਹੇ ਹਨ। ਸਪਸ਼ਟ ਹੈ ਕਿ ਇਹ ਸਭ ਬੈਂਕਾਂ ਦੇ ਕੁੱਝ ਭ੍ਰਿਸ਼ਟ ਅਧਿਕਾਰੀਆਂ ਅਤੇ ਹੋਰ ਵਿਭਾਗਾਂ ਦੇ ਉਪਰਲੇ ਤੰਤਰ ਦੀ ਮਿਲੀਭਗਤ ਤੋਂ ਬਿਨਾਂ• ਕਿਵੇਂ ਸੰਭਵ ਹੋ ਸਕਦਾ ਹੈ। ਜਿੱਥੇ ਸੋਨੇ ਅਤੇ ਜੇ ਫਾਰਮ ਰਾਹੀਂ ਆਪਣੀ ਬਲੈਕਮਨੀ ਨੂੰ ਸਫੇਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਰਿਸ਼ਤੇਦਾਰਾਂ ਅਤੇ ਫੈਕਟਰੀਆਂ ਦੇ ਮਾਲਕਾਂ ਰਾਹੀਂ ਵੀ ਬਲੈਕਮਨੀ ਨੂੰ ਸਫੇਦ ਕੀਤਾ ਜਾ ਰਿਹਾ ਹੈ। ਰਿਸ਼ਤੇਦਾਰਾਂ ਅਤੇ ਭ੍ਰਿਸ਼ਟ ਸਰਕਾਰੀ ਬਾਬੂਆਂ ਦੀ ਬਲੈਕਮਨੀ ਨੂੰ ਸਫੇਦ ਕਰਨ ਲਈ ਵੱਡੇ ਵਪਾਰੀਆਂ ਵਲੋਂ ਛੋਟੇ ਵਪਾਰੀਆਂ ਨੂੰ ਪੈਸੇ ਦੇਣ ਅਤੇ ਅਡਜਸਟ ਕਰਨ ਲਈ ਫੋਨ ਕੀਤੇ ਜਾ ਰਹੇ ਹਨ। ਇਨਕਮ ਟੈਕਸ ਵਿਭਾਗ ਲਈ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਜਿਹੜੇ ਵਪਾਰੀ ਕਰਜਦਾਰ ਸਨ ਉਹਨਾਂ ਦੇ ਖਾਤਿਆਂ ਵਿੱਚ ਅਚਾਨਕ ਹੀ ਲੱਖਾਂ ਰੁਪਏ ਕਿਥੋਂ ਆ ਗਏ। ਅਜਿਹੇ ਹੀ ਕਈ ਵਪਾਰੀਆਂ ਉਪਰ ਲੱਖਾਂ ਦਾ ਕਰਜਾ ਸੀ ਪਰ ਕੇਂਦਰ ਸਰਕਾਰ ਵੱਲੋਂ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕਰਨ ਦੇ ਫੈਸਲੇ ਨਾਲ ਉਹਨਾਂ ਕੋਲ ਰਾਤੋਂ ਰਾਤ 30-40 ਲੱਖ ਰੁਪਏ ਬਲੈਕਮਨੀ ਆ ਗਈ ਅਤੇ ਇਸ ਬੈਲਕਮਨੀ ਨੂੰ ਖਪਾਉਣ ਲਈ ਉਹਨਾਂ ਵਲੋਂ ਜਿੱਥੇ ਵਪਾਰੀਆਂ ਨੂੰ ਪੈਮੰਟ ਦਿੱਤੀ ਜਾ ਰਹੀ ਹੈ ਉਥੇ ਅਚਾਨਕ ਹੀ ਲੰਮੇ ਸਮੇਂ ਤੋਂ ਖਾਲੀ ਚੱਲ ਰਹੀਆਂ ਲਿਮਿਟਾਂ ਵੀ ਭਰ ਦਿੱਤੀਆਂ ਗਈਆਂ ਹਨ। ਉਥੇ ਹੀ ਬਜਾਰ ਵਿੱਚ ਜਿਨ੍ਹਾਂ ਵਪਾਰੀਆਂ ਵੱਲੋਂ ਕਈ ਸਾਲਾਂ ਦੇ ਉਧਾਰ ਦਿੱਤੇ ਮਾਲ ਦੇ ਪੈਸੇ ਨਹੀ ਦਿੱਤੇ ਜਾ ਰਹੇ ਸਨ ਉਹ ਨੋਟਬੰਦੀ ਤੋਂ ਬਾਦ ਪੁਰਾਣੇ ਨੋਟਾਂ ਰਾਹੀ ਰਾਤੋਂ ਰਾਤ ਪੈਸੇ ਦੇ ਦਿੱਤੇ ਗਏ। ਇੱਥੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਪੈਸੇ ਜਮ੍ਹਾਂ ਕਰਵਾਉਣ ਵਾਲੇ ਤਾਂ ਕਈ ਜਰੀਏ ਹਨ ਪਰ ਪੈਸੇ ਜਿੱਥੇ ਜਮ੍ਹਾਂ ਹੋਣੇ ਹਨ ਜਾਂ ਬਦਲੇ ਜਾਣੇ ਹਨ ਉਹ ਤਾਂ ਇੱਕ ਹੀ ਹੈ - ਬੈਂਕ। ਬੈਂਕਾਂ ਦੇ ਕੁੱਝ ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ• ਤਾਂ ਇਹ ਸਾਰਾ ਖੇਡ ਖੇਡਿਆ ਹੀ ਨਹੀਂ ਜਾ ਸਕਦਾ। ਇਸ ਦਾ ਸਪੱਸ਼ਟ ਪ੍ਰਮਾਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬੈਂਕਾਂ 'ਤੇ ਪੈ ਰਹੇ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਤੋਂ ਸਾਹਮਣੇ ਆਉਂਦਾ ਹੈ। ਕਈ ਬੈਂਕ ਅਧਿਕਾਰੀਆਂ ਨੂੰ ਤਾਂ ਸਸਪੈਂਡ ਵੀ ਕੀਤਾ ਗਿਆ ਹੈ। ਪੰਜਾਬ ਦੇ ਬਰਨਾਲਾ ਸ਼ਹਿਰ ਵਿੱਚ ਵੀ ਇੱਕ ਟੈਕਸੀ ਡਰਾਇਵਰ ਦੇ ਖਾਤੇ ਵਿੱਚ 9800 ਕਰੋੜ ਰੁਪਿਆ ਟਰਾਂਸਫਰ ਕਰ ਦਿੱਤਾ ਗਿਆ ਤੇ ਬਾਦ ਵਿੱਚ ਉਸ ਖਾਤੇ ਤੋਂ ਦੂਸਰੇ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ ਗਏ। ਡਰਾਇਵਰ ਵਲੋਂ ਇਨਕਮ ਟੈਕਸ ਵਿਭਾਗ ਪਾਸ ਸ਼ਿਕਾਇਤ ਕਰਨ 'ਤੇ ਇਨਕਮ ਟੈਕਸ ਵਿਭਾਗ ਵਲੋਂ ਬੈਂਕ ਦੀਆਂ ਦੋ ਬਰਾਚਾਂ 'ਤੇ ਛਾਪਾ ਵੀ ਮਾਰਿਆ ਗਿਆ। ਸੋਚਣ ਵਾਲੀ ਗੱਲ• ਹੈ ਕਿ ਜੇ ਇੱਕ ਖਾਤੇ ਵਿੱਚ ਖਰਬਾਂ ਰੁਪਇਆ ਟਰਾਂਸਫਰ ਕੀਤਾ ਗਿਆ ਤਾਂ ਦੇਸ਼ ਭਰ ਦੇ ਬੈਂਕਾਂ ਵਿੱਚ ਲੱਖਾਂ ਕਰੋੜਾਂ ਵਿੱਚ ਤਾਂ ਪਤਾ ਨਹੀਂ ਕਿੰਨੇ ਹੀ ਟਰਾਂਸਫਰ ਹੋਏ ਹੋਣਗੇ। ਇਸ ਸਭ ਤੋਂ ਇਲਾਵਾ ਅਜਿਹੇ ਲੋਕ ਵੀ ਬਜਾਰ ਵਿੱਚ ਸਰਗਰਮ ਹਨ ਜੋ ਸ਼ਰੇਆਮ ਪੁਰਾਣੇ ਨੋਟਾਂ ਨੂੰ 75 ਫੀਸਦੀ 'ਤੇ ਨਵੇਂ ਨੋਟਾਂ ਵਿੱਚ ਬਦਲਵਾਉਣ ਦਾ ਦਾਅਵਾ ਕਰਦੇ ਹਨ ਅਤੇ ਕਰੋੜਾਂ ਰੁਪਏ ਦੇ ਪੁਰਾਣੇ ਨੋਟ ਬਦਲਣ ਦੀ ਗੱਲ ਆਮ ਕਰਦੇ ਹਨ। ਜਿਹੜੇ ਅਜਿਹੇ ਲੋਕ ਕਾਲੇ ਧੰਨ ਨੂੰ ਬਦਲਣ ਦੀ ਗੱਲ ਕਰ ਰਹੇ ਹਨ ਉਹ ਸੱਤਾ ਦੇ ਨਜਦੀਕ ਹਨ। ਇਹਨਾਂ ਨੂੰ ਨਾ ਤਾਂ ਇਨਕਮ ਟੈਕਸ ਦਾ ਹੀ ਡਰ ਹੈ ਅਤੇ ਨਾ ਹੀ ਕਿਸੇ ਹੋਰ ਮਹਿਕਮੇ ਦਾ। ਇਸ ਸਭ ਤੋਂ ਤਾਂ ਇਹੀ ਲੱਗਦਾ ਹੈ ਕਿ ਪ੍ਰਧਾਨਮੰਤਰੀ ਦੀ ਇਹ ਸਾਰੀ ਯੋਜਨਾ ਜੋ ਕਿ ਕਾਲੇ ਧੰਨ ਨੂੰ ਬਾਹਰ ਕੱਢਣ ਦੀ ਸੀ ਪਰ ਵਿਚੋਲੀਆਂ ਨੇ ਕਾਲੇ ਧੰਨ ਨੂੰ ਨਵੇਂ ਰਸਤੇ ਲੱਭ ਕੇ ਫਿਰ ਤੋਂ ਨਵੀ ਕਰਸੀ ਵਿੱਚ ਕਾਲਾ ਧੰਨ ਬਰਕਰਾਰ ਰੱਖ ਲਿਆ ਹੈ। 19 ਦਿਨ ਬੀਤਣ ਦੇ ਬਾਵਜੂਦ ਦੇਸ਼ ਵਿੱਚ ਕਾਲਾ ਧੰਨ ਨਾ ਮਾਤਰ ਹੀ ਫੜਿਆ ਗਿਆ ਹੈ। ਹੁਣ ਸਰਕਾਰ ਵੱਲੋਂ ਕਾਲੇ ਧੰਨ ਨੂੰ ਉਜਾਗਰ ਕਰਨ ਵਾਲਿਆਂ ਨੂੰ 50 ਪ੍ਰਤੀਸ਼ਤ ਦੀ ਸਕੀਮ ਦਿੱਤੀ ਗਈ ਹੈ। ਹੁਣ ਦੇਖਣਾ ਇਹ ਹੈ ਕਿ ਕਾਲੇ ਧੰਨ ਵਾਲੇ ਸਰਕਾਰ ਦੀ ਇਸ ਸਕੀਮ ਨੂੰ ਕਿਸ ਤਰ੍ਹਾਂ• ਲੈਂਦੇ ਹਨ। ਅਗਰ ਸਰਕਾਰ ਦੀ ਇਹ ਯੋਜਨਾ ਵੀ ਕਾਲਾ ਧੰਨ ਨਹੀਂ ਕੱਢ ਪਾਉਂਦੀ ਤਾਂ ਸਮਝ ਲੋ ਕਿ ਸਰਕਾਰ ਦੀ ਨੋਟਬੰਦੀ ਦੀ ਇਹ ਯੋਜਨਾ ਆਮ ਆਦਮੀ ਅਤੇ ਛੋਟੇ ਵਪਾਰੀਆਂ ਲਈ ਸਿਰਦਰਦ ਹੀ ਸਾਬਤ ਹੋਈ ਹੈ। ਅਗਰ ਸਰਕਾਰ ਨੇ ਇਹ ਯੋਜਨਾ ਸਹੀ ਮਾਇਨੇ ਵਿੱਚ ਸਫਲ ਕਰਨੀ ਹੈ ਤਾਂ ਸਰਕਾਰ ਨੂੰ ਨਾ ਸਿਰਫ ਕਾਲੇ ਧੰਨ ਵਾਲਿਆਂ ਸਗੋਂ ਉਹਨਾਂ ਦਾ ਸਾਥ ਦੇਣ ਵਾਲੇ ਕੁੱਝ ਭ੍ਰਿਸ਼ਟ ਮਹਿਕਮਿਆਂ ਦੇ ਖਿਲਾਫ ਵੀ ਸਖਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਹੀ ਇਸ ਯੋਜਨਾ ਦਾ ਦੇਸ਼ ਨੂੰ ਸਹੀ ਲਾਭ ਮਿਲ ਸਕੇਗਾ ਨਹੀਂ ਤਾਂ ਇਹ ਯੋਜਨਾ ਦੇਸ਼ ਲਈ ਸਿਰਫ ਅਤੇ ਸਿਰਫ ਆਰਥਿਕ ਸੰਕਟ ਦਾ ਕਾਰਣ ਬਣ ਕੇ ਰਹਿ ਜਾਵੇਗੀ। ਡਾ. ਅਕੇਸ਼ ਕੁਮਾਰ
Tags:

More Leatest Stories