ਨਾਭਾ ਕਾਂਡ ਅਤੇ ਇਸ ਤੋਂ ਬਾਅਦ

Gurjeet Singh

3

December

2016

ਪਿਛਲੇ ਦਿਨਾਂ ਤੋਂ ਇਹ ਖ਼ਬਰਾਂ ਆਮ ਹੀ ਅਖ਼ਬਾਰਾਂ ਵਿੱਚ ਆ ਰਹੀਆਂ ਸਨ, ਕੁਝ ਟੀ ਵੀ ਚੈਨਲ ਵੀ ਕਹਿੰਦੇ ਸਨ ਕਿ ਪਾਕਿਸਤਾਨ ਵੱਲੋਂ ਭਾਰਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ੀ ਕਾਰਵਾਈ ਕੀਤੀ ਜਾ ਸਕਦੀ ਹੈ। ਦੇਸ਼ ਦੇ ਲੋਕਾਂ ਵਿੱਚੋਂ ਬਹੁਤੇ ਇਹ ਸਮਝਦੇ ਸਨ ਕਿ ਜਦੋਂ ਕੋਈ ਹੋਰ ਖ਼ਬਰ ਨਹੀਂ ਲੱਭਦੀ ਤਾਂ ਇਸ ਤਰ੍ਹਾਂ ਦੀ ਚਰਚਾ ਛੇੜ ਕੇ ਵਕਤ ਟਪਾਇਆ ਜਾਂਦਾ ਹੈ। ਮੀਡੀਆ ਕਈ ਵਾਰ ਏਦਾਂ ਕਰਦਾ ਵੀ ਹੈ। ਫਿਰ ਪਾਕਿਸਤਾਨ ਦੀ ਫ਼ੌਜ ਦੇ ਅਹੁਦਾ ਛੱਡ ਰਹੇ ਜਰਨੈਲ ਰਾਹੀਲ ਸ਼ਰੀਫ਼ ਦਾ ਇਹ ਬਿਆਨ ਆਇਆ ਕਿ ਉਸ ਦੀ ਫ਼ੌਜ ਜਦੋਂ ਸਰਜੀਕਲ ਸਟਰਾਈਕ ਕਰੇਗੀ ਤਾਂ ਭਾਰਤ ਦੀਆਂ ਕਈ ਪੀੜ੍ਹੀਆਂ ਯਾਦ ਰੱਖਣਗੀਆਂ। ਉਸ ਦੇ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਬਿਆਨ ਵੀ ਆ ਗਿਆ ਕਿ ਅਸੀਂ ਆਪਣੇ ਇੱਕ ਫ਼ੌਜੀ ਦੀ ਮੌਤ ਦੇ ਜਵਾਬ ਵਿੱਚ ਭਾਰਤ ਦੇ ਤਿੰਨ ਮਾਰਾਂਗੇ। ਇਨ੍ਹਾਂ ਬਿਆਨਾਂ ਦੇ ਬਾਅਦ ਚੌਕਸੀ ਦੀ ਲੋੜ ਸੀ। ਸਰਕਾਰ ਅਤੇ ਸੁਰੱਖਿਆ ਏਜੰਸੀਆਂ ਕਹਿੰਦੀਆਂ ਸਨ ਕਿ ਚੌਕਸੀ ਪੂਰੀ ਹੈ। ਹੁਣ ਨਾਭਾ ਦੀ ਹਾਈ ਸਕਿਓਰਟੀ ਜੇਲ• ਉੱਤੇ ਹਮਲਾ ਹੋ ਗਿਆ ਹੈ। ਇੱਕ ਦਮ ਇਹ ਗੱਲ ਕਹਿਣੀ ਔਖੀ ਹੈ ਕਿ ਇਹ ਹਮਲਾ ਪਾਕਿਸਤਾਨ ਦੀ ਫ਼ੌਜ ਤੇ ਖੁਫੀਆ ਏਜੰਸੀ ਦੀ ਸਾਜਿਸ਼ ਦਾ ਨਤੀਜਾ ਹੀ ਹੋਵੇਗਾ। ਏਥੇ ਪਹਿਲਾਂ ਵੀ ਕਈ ਵਾਰੀ ਜੇਲ੍ਹਾਂ ਉੱਤੇ ਹਮਲੇ ਹੋ ਚੁੱਕੇ ਹਨ ਤੇ ਉਹ ਸਾਰੇ ਹਮਲੇ ਗੈਂਗਾਂ ਦੇ ਝਗੜੇ ਜਾਂ ਆਪਣੇ ਬੰਦੇ ਭਜਾਉਣ ਦੀ ਕਾਰਵਾਈ ਵਾਲੇ ਨਿਕਲਦੇ ਰਹੇ ਸਨ। ਇਹ ਗੱਲ ਹੁਣ ਵੀ ਹੋ ਸਕਦੀ ਹੈ। ਕਿਸੇ ਵੀ ਮਾਮਲੇ ਵਿੱਚ ਆਈ ਐੱਸ ਆਈ ਦੀ ਸਾਜ਼ਿਸ਼ ਹੋ ਸਕਦੀ ਹੈ, ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ, ਪਰ ਹਰ ਗੱਲ ਵਿੱਚ ਓਸੇ ਦਾ ਹੱਥ ਨਹੀਂ ਕਿਹਾ ਜਾ ਸਕਦਾ। ਜਦੋਂ ਜਲੰਧਰ ਦੀ ਕਚਹਿਰੀ ਤੋਂ ਪੇਸ਼ੀ ਭੁਗਤ ਕੇ ਜਾਂਦੇ ਇੱਕ ਗੈਂਗਸਟਰ ਨੂੰ ਜਲੰਧਰ-ਫਗਵਾੜੇ ਦੇ ਅੱਧ ਵਿੱਚਕਾਰ ਨੈਸ਼ਨਲ ਹਾਈਵੇ ਉੱਤੇ ਰੋਕ ਕੇ ਦੂਸਰੇ ਗੈਂਗ ਦੇ ਲੋਕਾਂ ਨੇ ਮਾਰਿਆ ਅਤੇ ਫਿਰ ਭੰਗੜਾ ਪਾਇਆ ਸੀ ਤੇ ਪੁਲਸ ਦੇ ਅੱਧੀ ਦਰਜਨ ਤੋਂ ਵੱਧ ਮੁਲਾਜ਼ਮ ਕੋਲ ਖੜੇ ਰਹੇ ਸਨ, ਓਦੋਂ ਉਨ੍ਹਾਂ ਨੂੰ ਆਈ ਐੱਸ ਆਈ ਨੇ ਨਹੀਂ ਸੀ ਕਿਹਾ। ਪੰਜਾਬ ਵਿੱਚ ਸਿਆਸੀ ਸਰਪ੍ਰਸਤੀਆਂ ਨੇ ਗੁੰਡਿਆਂ ਦੇ ਗੈਂਗ ਏਨੇ ਵਧਾ ਦਿੱਤੇ ਹਨ ਕਿ ਉਹ ਹੁਣ ਪ੍ਰਸ਼ਾਸਨ ਨੂੰ ਟਿੱਚ ਜਾਣਨ ਲੱਗੇ ਹਨ। ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਵਾਲੇ ਉੱਪ ਮੁੱਖ ਮੰਤਰੀ ਨੂੰ ਗੰਭੀਰ ਹੋਣਾ ਚਾਹੀਦਾ ਹੈ। ਇਹ ਗੱਲ ਭਾਵੇਂ ਪਹਿਲੀ ਵਾਰ ਨਹੀਂ ਵਾਪਰੀ ਕਿ ਖਾਲਿਸਤਾਨੀ ਲਹਿਰ ਨਾਲ ਜੁੜੇ ਅੱਤਵਾਦੀਆਂ ਤੇ ਜੁਰਮਾਂ ਦੀ ਦੁਨੀਆ ਨਾਲ ਜੁੜੇ ਲੋਕਾਂ ਨੇ ਮਿਲ ਕੇ ਕੋਈ ਵਾਰਦਾਤ ਕੀਤੀ ਹੋਵੇ, ਪਰ ਇਸ ਵਾਰੀ ਕਾਫ਼ੀ ਲੰਮੇ ਅਰਸੇ ਮਗਰੋਂ ਏਦਾਂ ਦੀ ਮਿਸਾਲ ਸਾਹਮਣੇ ਆਈ ਹੈ। ਖਾਲਿਸਤਾਨੀ ਲਹਿਰ ਦੇ ਜਿਸ ਹਰਮਿੰਦਰ ਸਿੰਘ ਮਿੰਟੂ ਨੇ ਨਾਭਾ ਜੇਲ• ਅੰਦਰੋਂ ਫਰਾਰ ਹੋਣ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਦੂਸਰਾ ਦਿਨ ਚੜ੍ਹਨ ਤੱਕ ਦਿੱਲੀ ਪੁਲਸ ਨੇ ਫੜ ਵੀ ਲਿਆ ਹੈ, ਉਹ ਪਹਿਲਾਂ ਵੀ ਫਰਾਰ ਹੋ ਚੁੱਕਾ ਸੀ। ਉਸ ਦੇ ਬਾਅਦ ਉਹ ਥਾਈਲੈਂਡ ਤੋਂ ਲੱਭਾ ਸੀ, ਜਿੱਥੇ ਉਹ ਪਾਕਿਸਤਾਨੀ ਮੂਲ ਦੇ ਇੱਕ ਆਦਮੀ ਦੇ ਘਰ ਭੇਸ ਬਦਲ ਕੇ ਰਹਿੰਦਾ ਸੀ। ਸਾਫ਼ ਹੈ ਕਿ ਉਸ ਦੇ ਵਿਦੇਸ਼ੀ ਸੰਪਰਕ ਵੀ ਹਨ। ਪੰਜਾਬ ਪੁਲਸ ਨੂੰ ਇਹੋ ਜਿਹੇ ਆਦਮੀ ਬਾਰੇ ਉਚੇਚੀ ਸੁਰੱਖਿਆ ਦਾ ਖ਼ਿਆਲ ਰੱਖਣ ਦੀ ਲੋੜ ਸੀ, ਪਰ ਇਸ ਮਾਮਲੇ ਵਿੱਚ ਜਿਹੜੀ ਲਾਪਰਵਾਹੀ ਵਰਤੀ ਗਈ, ਉਹ ਇਸ ਜੇਲ• ਕਾਂਡ ਦਾ ਕਾਰਨ ਬਣੀ ਹੈ। ਹੁਣ ਇਸ ਸੰਬੰਧ ਵਿੱਚ ਕੁਝ ਅਫ਼ਸਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ, ਜਿਹੜੀ ਸਸਪੈਂਡ ਕਰਨ ਤੋਂ ਲੈ ਕੇ ਨੌਕਰੀ ਤੋਂ ਕੱਢਣ ਤੱਕ ਜਾਂਦੀ ਹੈ, ਪਰ ਇਸ ਤੋਂ ਪਹਿਲਾਂ ਹਰ ਹਫਤੇ ਜੇਲ੍ਹਾਂ ਤੋਂ ਬੰਦੇ ਫਰਾਰ ਹੋਣ ਦੀਆਂ ਘਟਨਾਵਾਂ ਅਣਗੌਲੀਆਂ ਹੁੰਦੀਆਂ ਰਹੀਆਂ ਹਨ। ਕਿਸੇ ਵੀ ਥਾਂ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰੇ ਤਾਂ ਉਹ ਵੇਖਣ ਨੂੰ ਇਕੱਲੀ ਹੁੰਦੇ ਹੋਏ ਵੀ ਇਕੱਲੀ ਨਹੀਂ ਹੁੰਦੀ, ਸਗੋਂ ਅੱਗੋਂ ਕਈ ਹੋਰ ਘਟਨਾਵਾਂ ਨਾਲ ਤੰਦ ਜੋੜਨ ਤੱਕ ਜਾ ਸਕਦੀ ਹੈ, ਪਰ ਇਹ ਪੱਖ ਨਹੀਂ ਸੀ ਫੋਲਿਆ ਗਿਆ। ਅਗਲੇ ਦਿਨਾਂ ਵਿੱਚ ਪੰਜਾਬ ਦੀ ਸਰਕਾਰ ਚਲਾਉਣ ਵਾਲਿਆਂ ਨੇ ਵੀ ਤੇ ਸਰਕਾਰੀ ਮਸ਼ੀਨਰੀ ਨੇ ਵੀ ਚੋਣਾਂ ਦੇ ਕੰਮ ਵਿੱਚ ਰੁੱਝ ਜਾਣਾ ਹੈ, ਜਿਸ ਵਿੱਚ ਸੁਰੱਖਿਆ ਦੀਆਂ ਖਾਮੀਆਂ ਕਿਸੇ ਨੂੰ ਬਹੁਤਾ ਯਾਦ ਨਹੀਂ ਰਹਿਣੀਆਂ। ਅਜਿਹੇ ਹਾਲਾਤ ਵਿੱਚ ਕਈ ਕਿਸਮ ਦੇ ਖ਼ਤਰੇ ਸਿਰ ਚੁੱਕ ਸਕਦੇ ਹਨ। ਗੈਂਗਾਂ ਦੀ ਗਿਣਤੀ ਕਰਨੀ ਔਖੀ ਹੈ। ਉਨ੍ਹਾਂ ਵਿੱਚ ਵੀ ਕੁਝ ਇਹੋ ਜਿਹੇ ਸੁਣੇ ਜਾਂਦੇ ਹਨ, ਜਿਹੜੇ ਕਿਸੇ ਵੀ ਧਿਰ ਦੇ ਕਹਿਣ ਉੱਤੇ ਖ਼ਰਚਾ ਵਸੂਲ ਕਰ ਕੇ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਕਰਨ ਨੂੰ ਤਿਆਰ ਹੋ ਸਕਦੇ ਹਨ। ਆਪਸੀ ਭੇੜ ਵੀ ਗੈਂਗਾਂ ਦਾ ਸਿਖ਼ਰਾਂ ਉੱਤੇ ਹੈ। ਇਸ ਭੇੜ ਵਿੱਚ ਲੋੜ ਲਈ ਉਹ ਕਿਸੇ ਇੱਕ ਜਾਂ ਦੂਸਰੀ ਧਿਰ ਦੇ ਨਾਲ ਜੁੜ ਕੇ ਸਿਆਸੀ ਬੋਹੜਾਂ ਦਾ ਆਸਰਾ ਲੈਣ ਦਾ ਯਤਨ ਵੀ ਕਰਨ ਲੱਗਣਗੇ ਤੇ ਸੁਰੱਖਿਆ ਏਜੰਸੀਆਂ ਇਹ ਸੋਚ ਕੇ ਅਣਡਿੱਠ ਕਰਨ ਲੱਗ ਜਾਣਗੀਆਂ ਕਿ ਕੱਲ੍ਹ ਨੂੰ ਇਸ ਦੇ ਸਰਪ੍ਰਸਤਾਂ ਦੀ ਸਰਕਾਰ ਬਣ ਸਕਦੀ ਹੈ। ਸਿਆਸੀ ਪਾਰਟੀਆਂ ਵਿੱਚੋਂ ਕਿਸੇ ਨੇ ਵੀ ਏਦਾਂ ਦੇ ਬੰਦੇ ਦੁਰਕਾਰਨੇ ਨਹੀਂ। ਪੰਜਾਬ ਦੀ ਮੌਜੂਦਾ ਰਾਜਨੀਤਕ ਸਥਿਤੀ ਵਿੱਚ ਹਰ ਮਾੜਾ ਬੰਦਾ ਇੱਕ ਜਾਂ ਦੂਸਰੇ ਆਗੂ ਜਾਂ ਇੱਕ ਜਾਂ ਦੂਸਰੀ ਪਾਰਟੀ ਲਈ ਕੰਮ ਦਾ ਬੰਦਾ ਸਾਬਤ ਹੋ ਸਕਦਾ ਹੈ। ਇਹੋ ਕਾਰਨ ਹੈ ਕਿ ਪੰਜਾਬ ਦੇ ਲੋਕ ਚਿੰਤਤ ਹਨ, ਪਰ ਲੀਡਰ ਚਿੰਤਤ ਨਹੀਂ। 'ਔਲਖ'
Tags:

More Leatest Stories