ਅੰਮ੍ਰਿਤਸਰ ਦੀ ਆਲੀਸ਼ਾਨ ਕੋਠੀ 'ਚ ਵਾਪਰਿਆ ਦੋਹਰਾ ਕਤਲ ਕਾਂਡ

Gurjeet Singh

3

December

2016

ਅੰਮ੍ਰਿਤਸਰ (ਵਿ. ਪ੍ਰ.) ਅੰਮ੍ਰਿਤਸਰ ਦੇ ਪੋਸ਼ ਇਲਾਕੇ ਮਕਬੂਲ ਰੋਡ 'ਤੇ ਸਥਿਤ ਇਕ ਆਲੀਸ਼ਾਨ ਕੋਠੀ 'ਚ ਰੂਹ ਕੰਬਾਉਣ ਵਾਲੀ ਵਾਰਦਾਤ ਵਾਪਰੀ, ਜਿਸ ਦੌਰਾਨ ਘਰ ਦੀ ਮਾਲਕਣ ਬਜ਼ੁਰਗ ਔਰਤ ਅਤੇ ਉਸ ਦੀ ਨੌਕਰਾਣੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਘਟਨਾ ਵਾਲੀ ਥਾਂ 'ਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਵੀ ਪੁੱਜੇ ਹਨ। ਮ੍ਰਿਤਕ ਬਜ਼ੁਰਗ ਔਰਤ ਬਾਬਾ ਗੁਰਿੰਦਰ ਸਿੰਘ ਜੀ ਦੀ ਕਰੀਬੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 80 ਸਾਲਾ ਮ੍ਰਿਤਕ ਬਜ਼ੁਰਗ ਔਰਤ ਸ਼ੁਕਲਾ ਸੇਠ ਘਰ 'ਚ ਨੌਕਰਾਣੀ ਮਨਜੀਤ ਕੌਰ ਨਾਲ ਰਹਿ ਰਹੀ ਸੀ ਅਤੇ ਉਸ ਦੀਆਂ ਦੋ ਵਿਆਹੁਤਾ ਬੇਟੀਆਂ ਚੰਡੀਗੜ੍ਹ ਅਤੇ ਦਿੱਲੀ 'ਚ ਰਹਿ ਰਹੀਆਂ ਹਨ। ਮ੍ਰਿਤਕ ਔਰਤ ਕੋਲ ਕਰੋੜਾਂ ਰੁਪਿਆਂ ਦੀ ਜ਼ਮੀਨ-ਜਾਇਦਾਦ ਸੀ ਅਤੇ ਇਸ ਦਾ ਵਿਆਜ ਵੀ ਉਸ ਨੂੰ ਆਉਂਦਾ ਸੀ। ਇਸ ਕਤਲਕਾਂਡ ਪਿੱਛੇ ਲੁੱਟ ਦੀ ਸਾਜਿਸ਼ ਹੋਣ ਦਾ ਸ਼ੰਕਾ ਪ੍ਰਗਟਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਦੀ ਰਾਤ ਨੂੰ ਲੁੱਟ ਦੇ ਇਰਾਦੇ ਨਾਲ ਲੁਟੇਰੇ ਘਰ ਦਾਖਲ ਹੋਏ ਅਤੇ ਸ਼ੁਕਲਾ ਸੇਠ ਸਮੇਤ ਉਸ ਦੀ ਨੌਕਰਾਣੀ ਦਾ ਗਲਾ ਵੱਢ ਕੇ ਦੋਹਾਂ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਸ ਇਸ ਮਾਮਲੇ ਦੀ ਛਾਣਬੀਣ 'ਚ ਲੱਗੀ ਹੋਈ ਹੈ, ਜਿਸ ਦੌਰਾਨ ਸਾਹਮਣੇ ਆਇਆ ਹੈ ਕਿ ਘਰ 'ਚੋਂ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਗਏ ਹਨ। ਇਸ ਮਾਮਲੇ ਸੰਬੰਧੀ ਡੀ. ਸੀ. ਪੀ. ਗਗਨ ਅਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਕਰੀਬੀ ਸੀ ਕਿਉਂਕਿ ਬਾਬਾ ਗੁਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਖੁਦ ਘਟਨਾ ਵਾਲੀ ਜਗ੍ਹਾ ਦਾ ਦੌਰਾ ਕੀਤਾ ਹੈ। ਉਧਰ ਹੀ ਇਸ ਕਤਲਕਾਂਡ ਨੇ ਪੁਲਸ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ ਕਿਉਂਕਿ ਜ਼ਿਲੇ 'ਚ ਹੋਣ ਵਾਲੇ 'ਹਾਰਟ ਆਫ ਏਸ਼ੀਆ' ਸੰਮੇਲਨ ਕਾਰਨ ਚੱਪੇ-ਚੱਪੇ 'ਤੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਪਰ ਇਨ੍ਹਾਂ ਪ੍ਰਬੰਧਾਂ ਦੇ ਬਾਵਜੂਦ ਵੀ ਇੰਨੀ ਵੱਡੀ ਵਾਰਦਾਤ ਸ਼ਹਿਰ 'ਚ ਵਾਪਰ ਗਈ। ਵੀ. ਆਈ. ਪੀ. ਡਿਊਟੀ 'ਚ ਇਸ ਤਰ੍ਹਾਂ ਦੇ ਕਤਲਕਾਂਡ ਦਾ ਹੋਣਾ ਪੁਲਸ ਦੀ ਸੁਰੱਖਿਆ ਪ੍ਰਣਾਲੀ ਦੀ ਪੋਲ ਖੋਲ੍ਹ ਰਿਹਾ ਹੈ। ਫਿਲਹਾਲ ਇਸ ਕਤਲਕਾਂਡ ਤੋਂ ਬਾਅਦ ਇਲਾਕੇ ਦੇ ਲੋਕ ਬੁਰੀ ਤਰ੍ਹਾਂ ਸਹਿਮੇ ਹੋਏ ਅਤੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ।
Tags: amritsar news dera beas baba gurinder singh

More Leatest Stories