ਇਸ ਸਾਲ ਆਮ ਆਦਮੀ ਦੇ ਘਰਾਂ ਤੱਕ ਪਹੁੰਚੇਗੀ ਦੁਸ਼ਹਿਰੀ ਅੰਬਾਂ ਦੀ ਮਿਠਾਸ

Gurjeet Singh

9

June

2016

ਲਖਨਊ— ਦੁਨੀਆ ਭਰ 'ਚ ਆਪਣੀ ਖੁਸ਼ਬੂ ਅਤੇ ਸੁਆਦ ਲਈ ਮਸ਼ਹੂਰ ਦਸ਼ਹਰੀ ਅੰਬਾਂ ਦੀ ਮਿਠਾਸ ਹੁਣ ਆਮ ਆਦਮੀ ਦੇ ਘਰਾਂ ਤੱਕ ਵੀ ਪਹੁੰਚੇਗੀ। ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਸਾਲ ਦੁਸ਼ਹਿਰੀ ਅੰਬਾਂ ਦੀ ਬੰਪਰ ਪੈਦਾਵਾਰ ਹੋਈ ਹੈ। ਇਕੱਲੇ ਉੱਤਰ ਪ੍ਰਦੇਸ਼ 'ਚ ਇਸ ਵਾਰ ਦੁਸ਼ਹਿਰੀ ਸਮੇਤ ਸਾਰੇ ਅੰਬਾਂ ਦੀ ਪੈਦਾਵਾਰ ਵਧ ਕੇ 48 ਲੱਖ ਟਨ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸਾਲ 40 ਲੱਖ ਟਨ ਸੀ। ਹਾਲਾਂਕਿ ਪਿਛਲੇ ਦਿਨੀਂ ਆਏ ਹਨੇਰੀ ਅਤੇ ਮੀਂਹ ਕਾਰਨ ਇਹ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਅੰਬਾਂ ਦੀ ਪੈਦਾਵਾਰ 'ਤੇ ਮਾੜਾ ਅਸਰ ਪਵੇਗਾ। ਪਰ ਇਸ ਦੇ ਬਾਵਜੂਦ ਇਸ ਵਾਰ ਅੰਬਾਂ ਦੀ ਬੰਪਰ ਪੈਦਾਵਾਰ ਹੋਈ ਹੈ। ਭਾਰਤੀ ਅੰਬ ਉਤਪਾਦਕ ਐਸੋਸੀਏਸ਼ਨ ਦੇ ਪ੍ਰਧਾਨ ਇੰਸਰਾਮ ਅਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਅੰਬਾਂ ਦੀ ਰਿਕਾਰਡ ਪੈਦਾਵਾਰ ਹੋਵੇਗੀ ਅਤੇ ਦੁਸ਼ਹਿਰੀ ਅੰਬ 25 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇਗਾ। ਅੰਬ ਦੀਆਂ ਹੋਰਨਾਂ ਕਿਸਮਾਂ ਦੇ ਮੁਕਾਬਲੇ ਦੁਸ਼ਹਿਰੀ ਅੰਬ ਜ਼ਿਆਦਾ ਦਿਨਾਂ ਤੱਕ ਨਹੀਂ ਟਿਕਦਾ। ਇਸ ਲਈ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਦੀਆਂ ਕੀਮਤਾਂ ਡਿੱਗਣੀਆਂ ਤੈਅ ਹਨ। ਮਲੀਹਾਬਾਦ ਦੇ ਅੰਬ ਉਤਪਾਦਕਾਂ ਦਾ ਮੰਨਣਾ ਹੈ ਕਿ ਅੰਬ ਦੀ ਬੰਪਰ ਫਸਲ ਅਤੇ ਘੱਟ ਕੀਮਤ ਇਸ ਵਾਰ ਦੁਸ਼ਹਿਰੀ ਅੰਬ ਨੂੰ ਆਮ ਆਦਮੀ ਦੀ ਪਹੁੰਚ 'ਚ ਰੱਖੇਗੀ। ਮੁੰਬਈ ਅਤੇ ਦਿੱਲੀ 'ਚ ਦੁਸ਼ਹਿਰੀ ਅੰਬ ਦੀ ਖਪਤ ਸਭ ਤੋਂ ਜ਼ਿਆਦਾ ਹੈ। ਇਸ ਤੋਂ ਇਲਾਵਾ ਇਹ ਅੰਬ ਖਾੜੀ ਦੇਸ਼ਾਂ ਅਤੇ ਹੋਰਨਾਂ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਨੂੰ ਵੀ ਬਰਾਮਦ ਕੀਤਾ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਲਖਨਊ, ਸਹਾਰਨਪੁਰ, ਸੰਭਲ, ਅਮਰੋਹਾ ਅਤੇ ਮੁਜ਼ਫਰਨਗਰ 'ਚ ਅੰਬ ਦੀ ਪੈਦਾਵਾਰ ਹੁੰਦੀ ਹੈ।
Tags:

More Leatest Stories