ਸੰਪਰਕ ਸੜਕਾਂ ਦੇ ਕਿਨਾਰਿਆਂ ਤੋਂ ਨਜਾਇਜ ਕਬਜੇ ਹਟਾ ਕੇ ਲਗਾਏ ਜਾਣਗੇ ਰੁੱਖ

Gurjeet Singh

19

April

2012

ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਪ. ਪ.)‑ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਭਰਾ ਕਰਨ ਲਈ ਆਉਂਦੀ ਬਰਸਾਤ ਰੁੱਤ ਦੌਰਾਨ ਵੱਡੀ ਪੱਧਰ ‘ਤੇ ਨਵੇਂ ਪੌਦੇ ਲਗਾਏ ਜਾਣਗੇ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਦੀ ਅਗਵਾਈ ਵਿਚ ਵੱਖ‑ਵੱਖ ਵਿਭਾਗ ਮੁੱਖੀਆਂ ਦੀ ਇਕ ਬੈਠਕ ਇੱਥੇ ਹੋਈ। ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਦਿਨੋਂ ਦਿਨ ਵੱਧ ਰਹੇ ਪ੍ਰਦੂਸ਼ਣ ਦੇ ਟਾਕਰੇ ਲਈ ਰੁੱਖ ਸਾਡੇ ਮਦਦਗਾਰ ਹੁੰਦੇ ਹਨ ਅਤੇ ਇੰਨ੍ਹਾਂ ਤੋਂ ਹੀ ਸਾਨੂੰ ਪ੍ਰਾਣਵਾਯੂ ਮਿਲਦੀ ਹੈ। ਇਸ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹਨ। ਇਸ ਲਈ ਜ਼ਿਲ੍ਹੇ ਵਿਚ ਬਰਸਾਤ ਰੁੱਤ ਦੌਰਾਨ 308 ਹੈਕਟੇਅਰ ਤੋਂ ਵਧੇਰੇ ਰਕਬੇ ਵਿਚ ਨਵੇਂ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪਿਛਲੇ ਸਾਲ 53 ਹਜਾਰ ਨਵੇਂ ਪੌਦੇ ਲਗਾਏ ਗਏ ਸਨ ਅਤੇ ਇਸ ਵਾਰ ਵੀ ਸਾਰੇ ਸਕੂਲਾਂ ਵਿਚ ਇਸ ਤੋਂ ਵੀ ਵਧੇਰੇ ਨਵੇਂ ਰੁੱਖ ਲਗਾਏ ਜਾਣਗੇ। ਇਸ ਤੋਂ ਬਿਨ੍ਹਾਂ ਨਹਿਰਾਂ, ਸੇਮ ਨਾਲਿਆਂ, ਅਤੇ ਸੜਕਾਂ ਕਿਨਾਰੇ ਵੀ ਰੁੱਖ ਲਗਾਏ ਜਾਣਗੇ। ਜ਼ਿਨ੍ਹਾਂ ਸੰਪਰਕ ਸੜਕਾਂ ਕਿਨਾਰੇ ਲੋਕਾਂ ਨੇ ਸਰਕਾਰੀ ਜ਼ਮੀਨ ਤੇ ਕਬਜੇ ਕੀਤੇ ਹੋਏ ਹਨ ਉੱਥੇ ਅਗਲੇ ਪੰਦਰਵਾੜੇ ਦੌਰਾਨ ਸਾਰੇ ਕਬਜੇ ਛੁੜਾ ਕੇ ਮੰਡੀ ਬੋਰਡ ਅਤੇ ਬੀ.ਐਂਡ.ਆਰ. ਵਿਭਾਗ ਸੜਕਾਂ ਕਿਨਾਰੇ ਸਰਕਾਰੀ ਥਾਂ ਦੀ ਨਿਸਾਨਦੇਹੀ ਲਈ ਬੁਰਜੀਆਂ ਲਗਾ ਦੇਣਗੇ। ਛੁਡਾਈ ਗਈ ਥਾਂ ਵਿਚ ਨਰੇਗਾ ਤਹਿਤ ਨਾਲ ਲਗਦੇ ਖੇਤਾਂ ਤੋਂ ਸੜਕ ਦੇ ਪੱਧਰ ਤੱਕ ਮਿੱਟੀ ਪਾ ਕੇ ਉੱਥੇ ਪ੍ਰਤੀ ਕਿਲੋਮਿਟਰ 300 ਛਾਂਅਦਾਰ ਰੁੱਖ ਲਗਾਏ ਜਾਣਗੇ। ਇਹ ਕੰਮ ਪਹਿਲ ਦੇ ਅਧਾਰ ‘ਤੇ ਕਰਨ ਦੇ ਹੁਕਮ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕਾਂ ਕਿਨਾਰੇ ਜੇਕਰ ਕਿਸੇ ਨੇ ਕਬਜਾ ਕੀਤਾ ਹੋਇਆ ਹੈ ਤਾਂ ਉਹ ਤੁਰੰਤ ਇਹ ਕਬਜਾ ਛੱਡ ਕੇ ਖੁਦ ਬਰਮਾਂ ਨੂੰ ਮਜਬੂਤ ਕਰ ਦੇਵੇ ਨਹੀਂ ਤਾਂ ਅਜਿਹੇ ਕਬਜਾਧਾਰੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਬਲਾਕ ਅਤੇ ਪੰਚਾਇਤ ਵਿਕਾਸ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਪੰਚਾਇਤਵਾਰ ਇਹ ਵੇਰਵੇ ਤੁਰੰਤ ਇੱਕਤਰ ਕੀਤੇ ਜਾਣ ਕਿ ਕਿਸ ਪਿੰਡ ਵਿਚ ਕਿੰਨ੍ਹੀ ਪੰਚਾਇਤੀ ਜ਼ਮੀਨ ਉਪਲਬੱਧ ਹੈ ਜਿੱਥੇ ਪੌਦੇ ਲਗਾਏ ਜਾ ਸਕਦੇ ਹਨ। ਉਨ੍ਹਾਂ ਵਣ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਬੰਧਤ ਵਿਭਾਗਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਪੌਦੇ ਉਪਲਬੱਧ ਕਰਵਾਏ ਜਾਣੇ ਯਕੀਨੀ ਬਣਾਏ ਜਾਣ। ਬੈਠਕ ਵਿਚ ਹੋਰਨਾਂ ਤੋਂ ਇਲਾਵਾ ਸ੍ਰੀ ਘਣਸ਼ਿਆਮ ਥੋਰੀ ਏ.ਸੀ.ਯੂ.ਟੀ., ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸ੍ਰੀ ਨਵਲ ਕੁਮਾਰ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਸ: ਹਰਦਿਆਲ ਸਿੰਘ ਚੱਠਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਗੁਰਿੰਦਰਪਾਲ ਕੌਰ, ਵਣ ਵਿਭਾਗ ਤੋਂ ਸ: ਅਮ੍ਰਿਤਪਾਲ ਸਿੰਘ, ਵੱਖ ਵੱਖ ਬਲਾਕਾਂ ਦੇ ਬੀ.ਡੀ.ਪੀ.ਓਜ. ਅਤੇ ਸਕੂਲ ਮੁੱਖੀ ਹਾਜਰ ਸਨ।
Tags: dc_paramjit_singh

More Leatest Stories